ਬਚਿਤ੍ਰ ਨਾਟਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਚਿਤ੍ਰ ਨਾਟਕ (ਕਾਵਿ): ਇਹ ‘ਦਸਮ ਗ੍ਰੰਥ ’ ਵਿਚ ਸੰਕਲਿਤ ਤੀਜੀ ਰਚਨਾ ਹੈ। ਜਿਵੇਂ ਕਿ ਇਸ ਰਚਨਾ ਅਤੇ ਚੰਡੀ ਚਰਿਤ੍ਰਾਂ, ਚੌਬੀਸ ਅਵਤਾਰ ਅਤੇ ਬ੍ਰਹਮਾ-ਰੁਦ੍ਰ ਅਵਤਾਰ ਪ੍ਰਸੰਗਾਂ ਦੇ ਅਧਿਆਵਾਂ ਦੇ ਅੰਤ ਉਤੇ ਦਿੱਤੀਆਂ ਸਮਾਪਨ- ਸੂਚਕ ਉਕਤੀਆਂ ਜਾਂ ਪੁਸ਼ਪਿਕਾਵਾਂ ਤੋਂ ਪਤਾ ਚਲਦਾ ਹੈ, ਇਹ ਸਾਰੀਆਂ ‘ਬਚਿਤ੍ਰ ਨਾਟਕ’ ਦਾ ਹੀ ਅੰਗ ਹਨ।

ਇਨ੍ਹਾਂ ਪੁਸ਼ਪਿਕਾਵਾਂ ਤੋਂ ਇਲਾਵਾ ‘ਬਚਿਤ੍ਰ ਨਾਟਕ’ ਦੇ ਚੌਦਵੇਂ ਅਧਿਆਇ ਤੋਂ ਹੀ ਇਸ ਸੰਬੰਧ ਵਿਚ ਸੰਕੇਤ ਮਿਲਦਾ ਹੈ :

            ਜਿਹ ਜਿਹ ਬਿਧ ਜਨਮਨ ਸੁਧਿ ਆਈ

ਤਿਮ ਤਿਮ ਕਹੇ ਗਿਰੰਥ ਬਨਾਈ

ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ

ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ੧੦

ਸਪੱਸ਼ਟ ਹੈ ਕਿ ਜਿਸ ਰਚਨਾ ਨੂੰ ‘ਬਚਿਤ੍ਰ ਨਾਟਕ’ ਦਾ ਨਾਂ ਦਿੱਤਾ ਗਿਆ ਹੈ ਉਸ ਵਿਚ ਕੇਵਲ ਚਰਿਤ-ਨਾਇਕ ਗੁਰੂ ਜੀ ਦੀ ਆਪਣੀ ਕਥਾ ਦਾ ਹੀ ਵਰਣਨ ਨਹੀਂ , ਸਗੋਂ ਇਸ ਸੰਸਾਰ ਦੀ ਸਟੇਜ ਉਤੇ ਵਖ ਵਖ ਯੁਗਾਂ ਵਿਚ ਪ੍ਰਗਟ ਹੋਏ ਨਾਇਕਾਂ ਦੇ ਕਥਾ-ਪ੍ਰਸੰਗਾਂ ਦਾ ਚਿਤ੍ਰਣ ਹੈ। ਇਸ ਤਰ੍ਹਾਂ ਇਹ ਇਕ ਵੱਡੇ ਆਕਾਰ ਦੀ ਰਚਨਾ ਹੈ ਜਿਸ ਦਾ ਵਿਸਤਾਰ ‘ਦਸਮ-ਗ੍ਰੰਥ ’ ਦੇ 634 ਪੰਨਿਆਂ ਵਿਚ ਹੋਇਆ ਹੈ ਅਤੇ ਜਿਸ ਵਿਚ ਵਿਚਿਤ੍ਰ ਜਾਂ ਅਦਭੁਤ ਲੀਲਾਵਾਂ ਦਾ ਵਰਣਨ ਹੈ। ਇਸ ਦੇ ਵੱਡੇ ਆਕਾਰ ਨੂੰ ਦੇਖਦੇ ਹੋਇਆਂ ਪੁਰਾਤਨ ਸਮੇਂ ਵਿਚ ‘ਬਚਿਤ੍ਰ ਨਾਟਕ’ ਨੂੰ ਹੀ ‘ਦਸਮ-ਗ੍ਰੰਥ’ ਦਾ ਪ੍ਰਯਾਯਵਾਦੀ ਸਮਝਿਆ ਜਾਂਦਾ ਰਿਹਾ ਹੈ।

ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ‘ਬਚਿਤ੍ਰ ਨਾਟਕ’ ਇਕ ਵੱਡੇ ਆਕਾਰ ਦੀ ਰਚਨਾ ਹੈ, ਪਰ ਇਸ ਦੀ ‘ਬਚਿਤ੍ਰ ਨਾਟਕ’ ਸੰਗਿਆ ਜਿਸ ਰਚਨਾ ਨੂੰ ਹੁਣ ਆਮ ਤੌਰ ’ਤੇ ਦਿੱਤੀ ਜਾਂਦੀ ਹੈ, ਉਹ ਕੇਵਲ ਚਰਿਤ-ਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਅਪਨੀ ਕਥਾ’ ਨਾਲ ਸੰਬੰਧਿਤ ਹੈ ਅਤੇ ਜੋ ਅਸਲ ਵਿਚ ਬਾਕੀ ਚਰਿਤ-ਕਥਾਵਾਂ ਦੀ ਕੇਵਲ ਭੂਮਿਕਾ ਹੈ। ਇਸ ਰਚਨਾ ਦੇ ਕੁਲ 14 ਅਧਿਆਇ ਹਨ, ਜਿਨ੍ਹਾਂ ਦੀ ਕੁਲ ਛੰਦ-ਗਿਣਤੀ 471 ਹੈ।

ਪਹਿਲੇ ਅਧਿਆਇ ਵਿਚ ਕੁਲ 101 ਛੰਦ ਹਨ ਜਿਨ੍ਹਾਂ ਵਿਚ ਇਸ਼ਟ-ਦੇਵ ਸ੍ਰੀ ਕਾਲ ਜੀ ਦੀ ਉਸਤਤਿ ਦਰਜ ਹੈ। ਆਮ ਤੌਰ’ਤੇ ਜਦੋਂ ਕਿਸੇ ਗ੍ਰੰਥ ਦਾ ਆਰੰਭ ਕੀਤਾ ਜਾਂਦਾ ਹੈ ਤਾਂ ਉਸ ਦੀ ਨਿਰਵਿਘਨ ਸਮਾਪਤੀ ਲਈ ਦੇਵੀ ਸਰਸਵਤੀ ਤੋਂ ਵਰ ਮੰਗਿਆ ਜਾਂਦਾ ਹੈ। ਪਰ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਵਿਦਿਆ ਦੇਵੀ ਦੀ ਸਥਾਨ- ਪੂਰਤੀ ਸ਼ਕਤੀ ਦੀ ਪ੍ਰਤੀਕ ਖੜਗ ਨੇ ਕਰ ਦਿੱਤੀ, ਕਿਉਂਕਿ ਪਰਮ ਸ਼ਕਤੀਵਾਨ ਸੱਤਾ ਅਤੇ ਖੜਗ ਵਿਚ ਕੋਈ ਅੰਤਰ ਹੀ ਨਹੀਂ ਹੈ :

ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤ ਲਾਇ

ੂਰਨ ਕਰੋ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ

ਇਸ ਤੋਂ ਬਾਦ ਜਿਸ ‘ਕਾਲ’ ਦੀ ਉਸਤਤਿ ਕੀਤੀ ਜਾਣੀ ਹੈ ਉਹ ਵੀ ਸ਼ਕਤੀ ਦਾ ਮੁਜਸਮਾ ਹੈ, ਸ਼ਕਤੀ-ਪੁੰਜ ਹੈ। ਉਹ ਕਾਲ ਰੂਪੀ ਖੜਗ ਚੰਗੀ ਤਰ੍ਹਾਂ ਕਟਣ ਵਾਲੀ, ਦੁਸ਼ਟਾਂ ਦੇ ਦਲਾਂ ਦਾ ਨਾਸ ਕਰਨ ਵਾਲੀ, ਯੁੱਧ ਨੂੰ ਸ਼ੋਭਾਸ਼ਾਲੀ ਬਣਾਉਣ ਵਾਲੀ ਅਤਿ ਬਲਵਾਨ ਹੈ। ਕਦੇਟੁਟਣ ਵਾਲਾ ਹੱਥ ਦਾ ਡੰਡਾ ਹੈ, ਅਰਥਾਤ ਸ਼ਸਤ੍ਰ ਹੈ, ਪ੍ਰਚੰਡ ਤੇਜ ਵਾਲੀ ਹੈ, ਉਸ ਦੀ ਜੋਤਿ ਸੂਰਜ ਦੇ ਤੇਜ ਨੂੰ ਵੀ ਮੰਦਾ ਕਰਨ ਵਾਲੀ ਹੈ। ਉਹ ਸੰਤਾਂ ਨੂੰ ਸੁਖ ਦੇਣ ਵਾਲੀ, ਕੁਮਤੀਆਂ ਨੂੰ ਦਲ ਸੁਟਣ ਵਾਲੀ ਅਤੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਮੇਰਾ ਆਸਰਾ ਰੂਪ ਹੈ। ਜਗਤ ਦੇ ਕਾਰਣ ਰੂਪ, ਸ੍ਰਿਸ਼ਟੀ ਦੀ ਉਧਾਰਕ ਅਤੇ ਕਵੀ ਦੀ ਪਾਲਨਾ ਕਰਨ ਵਾਲੀ ਉਸ ਖੜਗ ਦੀ ਸਦਾ ਜੈ ਹੋਵੇ।(2)।

ਇਸ ਤੋਂ ਅਗੇ ਕਵੀ ਨੇ ਇਸ਼ਟ ਦੇਵ ‘ਕਾਲ’ ਦੀ ਵਖ ਵਖ ਢੰਗਾਂ , ਨਾਂਵਾਂ, ਗੁਣਾਂ ਨਾਲ ਉਸਤਤਿ ਕੀਤੀ ਹੈ। ਇਸ਼ਟ ਦੇਵ ਦਾ ਸਰੂਪ ਅਧਿਕਤਰ ਰੌਦ੍ਰ, ਭਿਆਨਕ ਅਤੇ ਵੀਰਤਾ-ਮਈ ਹੈ। ਉਸ ਦਾ ਸਰੂਪ ਸਰਬ-ਵਿਆਪਕ, ਨਿਰਾਕਾਰ, ਨਿਰਵਿਕਾਰ ਵੀ ਹੈ। ਉਹ ਸਰਬ-ਸ਼ਕਤੀਮਾਨ ਹੈ (26)।

ਸਮੇਂ ਦੀ ਲੋੜ ਅਨੁਸਾਰ ਉਸ ਵੇਲੇ ਦੀ ਜਨਤਾ ਸਾਹਮਣੇ ਇਕ ਅਜਿਹੇ ਪਰਮਾਤਮਾ ਨੂੰ ਪੇਸ਼ ਕਰਨਾ ਸੀ , ਜੋ ਸੌਮੑਯ, ਕੋਮਲ ਅਤੇ ਸੌਂਦਰਯਮਈ ਨਹੀਂ, ਸਗੋਂ ਭਿਆਨਕ ਰੂਪ ਵਾਲਾ ਕਾਲਪੁਰਖ ਹੈ। ਹਾਰੀਆਂ ਹੋਈਆਂ ਸ਼ਕਤੀਆਂ ਨੂੰ ਫਿਰ ਤੋਂ ਬਲਵਾਨ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਇਸ਼ਟ, ਉਨ੍ਹਾਂ ਦਾ ਪ੍ਰੇਰਣਾ-ਸਰੋਤ ਮਹਾਨ ਸ਼ਕਤੀ ਵਾਲਾ ਹੋਏ। ‘ਬਚਿਤ੍ਰ-ਨਾਟਕ’ ਦਾ ‘ਕਾਲ ਪੁਰਖ ’ ਮਹਿਖਾਸੁਰ, ਸ਼ੁੰਭ ਨਿਸ਼ੁੰਭ, ਰਕਤਬੀਜ, ਧੂਮ੍ਰ ਲੋਚਨ, ਚੰਡ ਮੁੰਡ , ਚਾਮਰ ਅਤੇ ਅਜਿਤ ਦੈਂਤਾਂ ਨੂੰ ਵੀ ਛਿਣਾਂ ਵਿਚ ਨਸ਼ਟ ਕਰਨ ਵਾਲਾ ਹੈ। ਇਹੋ ਜਿਹੀ ਸ਼ਕਤੀ ਦਾ ਆਸਰਾ ਲੈ ਕੇ ਸਾਧਕ ਜਾਂ ਉਪਾਸਕ ਕੁਝ ਕਰ ਗੁਜ਼ਰਨ ਦੀ ਹਿੰਮਤ ਕਰ ਸਕਦਾ ਹੈ।

ਦੂਜਾ ਅਧਿਆਇ 36 ਛੰਦਾਂ ਦਾ ਹੈ। ਇਸ ਦੇ ਪਹਿਲੇ ਅੱਠ ਛੰਦਾਂ ਵਿਚ ਇਸ਼ਟ ਦੀ ਉਸਤਤਿ ਹੈ। ਨੌਵੇਂ ਛੰਦ ਤੋਂ ਵਿਸਥਾਰ ਸਹਿਤ ਕਥਾ ਸ਼ੁਰੂ ਕਰਨ ਦੀ ਗੱਲ ਕਹਿ ਕੇ ਸ੍ਰਿਸ਼ਟੀ ਦੀ ਉਤਪੱਤੀ ਓਅੰਕਾਰ ਤੋਂ ਹੋਈ ਦਸੀ ਗਈ ਹੈ। ਫਿਰ ਦੇਵੀ, ਦੇਵਤਿਆਂ, ਦੈਂਤਾਂ ਦੀ ਉਤਪੱਤੀ ਦਸ ਕੇ ਦੇਵਤਿਆਂ ਅਤੇ ਦੈਂਤਾਂ ਦੇ ਸਰੂਪ ਨੂੰ ਪਰੰਪਰਾਗਤ ਲੀਹਾਂ ਤੋਂ ਹਟ ਕੇ ਯੁਗ ਬੋਧ ਦੇ ਅਨੁਰੂਪ ਦਸਿਆ ਗਿਆ ਹੈ।

ਇਸ ਪਿਛੋਂ ਸੋਢੀ ਬੰਸ ਦੀ ਪਰੰਪਰਾ ਉਤੇ ਪ੍ਰਕਾਸ਼ ਪਾਇਆ ਗਿਆ ਹੈ ਜਿਸ ਦਾ ਆਧਾਰ ਪੌਰਾਣਿਕ ਵੰਸ਼ ਪਰੰਪਰਾਵਾਂ ਹਨ। ਸੂਰਜ ਬੰਸ ਵਿਚ ਸੀਤਾ ਦੇ ਦੋ ਪੁੱਤਰਾਂ—ਲਵ ਅਤੇ ਕੁਸ਼—ਨੇ ਲਵਪੁਰ (ਲਾਹੌਰ) ਅਤੇ ਕੁਸਪੁਰ (ਕਸੂਰ) ਨਾਂ ਦੇ ਨਗਰ ਵਸਾਏ। ਇਸ ਬੰਸ ਵਿਚ ਅਗੇ ਚਲਕੇ ਕਸੂਰ ਦਾ ਸ਼ਾਸਕ ਕਾਲਕੇਤੂ ਬਣਿਆ ਅਤੇ ਲਾਹੌਰ ਦਾ ਸ਼ਾਸਨ ਭਾਰ ਕਾਲਰਾਇ ਨੇ ਸੰਭਾਲਿਆ। ਕਾਲਕੇਤੂ ਨੇ ਲਾਹੌਰ ਤੋਂ ਕਾਲਰਾਇ ਨੂੰ ਭਜਾ ਦਿੱਤਾ ਜਿਸ ਨੇ ਸਨੌਢ ਦੇਸ਼ ਵਿਚ ਜਾ ਕੇ ਉਥੋਂ ਦੀ ਰਾਜ ਕੰਨਿਆ ਨਾਲ ਵਿਆਹ ਕੀਤਾ। ਉਸ ਰਾਜਕੁਮਾਰੀ ਤੋਂ ਸੋਢਿ ਰਾਇ ਨਾਂ ਦਾ ਪੁੱਤਰ ਹੋਇਆ ਜਿਸ ਤੋਂ ਸੋਢੀ ਬੰਸ ਚਲਿਆ। ਇਹ ਬੰਸ ਬਹੁਤ ਸ਼ਕਤੀਸ਼ਾਲੀ ਸੀ।

ਤੀਜੇ ਅਧਿਆਇ ਵਿਚ ਕੁਲ 52 ਛੰਦ ਹਨ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਸੋਢੀ ਬੰਸ ਨੇ ਸ਼ਕਤੀਵਰ ਹੋ ਕੇ ਕੁਸ਼ ਬੰਸੀਆਂ ਉਤੇ ਹਮਲਾ ਕੀਤਾ। ਭਿਆਨਕ ਯੁੱਧ ਉਪਰੰਤ ਉਨ੍ਹਾਂ ਨੂੰ ਜਿਤ ਪ੍ਰਾਪਤ ਹੋਈ ਅਤੇ ਕੁਸ਼ਬੰਸੀ ਉਥੋਂ ਭਜ ਕੇ ਵੇਦਾਂ ਦੇ ਅਧਿਐਨ ਲਈ ਕਾਸ਼ੀ ਪਹੁੰਚ ਗਏ।

ਦਸ ਛੰਦਾਂ ਦੇ ਚੌਥੇ ਅਧਿਆਇ ਵਿਚ ਦਸਿਆ ਗਿਆ ਹੈ ਕਿ ਕਾਸ਼ੀ ਵਿਚ ਵੇਦ ਅਧਿਐਨ ਕਰਕੇ ਕੁਸ਼ਬੰਸੀ ਵੇਦੀ (ਬੇਦੀ) ਅਖਵਾਏ। ਉਨ੍ਹਾਂ ਦੀ ਪ੍ਰਸਿੱਧੀ ਹਰ ਪਾਸੇ ਪਸਰ ਗਈ। ਸੋਢੀ ਸ਼ਾਸਕ ਨੇ ਵੀ ਉਨ੍ਹਾਂ ਦੀ ਪ੍ਰਸਿੱਧੀ ਸੁਣ ਕੇ ਆਪਣੇ ਕੋਲ ਬੁਲਾਇਆ। ਉਨ੍ਹਾਂ ਤੋਂ ਅਰਥਾਂ ਸਹਿਤ ਵੇਦ ਪਾਠ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਰਾਜ-ਪਾਟ ਬੇਦੀਆਂ ਨੂੰ ਸੌਂਪ ਕੇ ਆਪ ਬਨਵਾਸੀ ਹੋ ਗਿਆ। ਬੇਦੀਆਂ ਦਾ ਰਾਜਾ ਰਾਜ ਨੂੰ ਫਿਰ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਇਆ ਅਤੇ ਸੋਢੀ ਰਾਜਾ ਨੂੰ ਵਰਦਾਨ ਦਿੱਤਾ ਕਿ ਕਲਿਯੁਗ ਵਿਚ ਉਸ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਪ੍ਰਗਟ ਹੋਣ’ਤੇ ਫਿਰ ਸੋਢੀ ਬੰਸ ਨੂੰ ਧਰਮ-ਪਦ ਪ੍ਰਦਾਨ ਕੀਤਾ ਜਾਏਗਾ।

ਪੰਜਵੇਂ ਅਧਿਆਇ ਦੇ 16 ਛੰਦਾਂ ਵਿਚ ਦਸਿਆ ਗਿਆ ਹੈ ਕਿ ਕਾਫ਼ੀ ਸਮਾਂ ਬੀਤਣ’ਤੇ ਬੇਦੀਆਂ ਵਿਚ ਝਗੜਾ ਪੈਦਾ ਹੋ ਗਿਆ। ਉਨ੍ਹਾਂ ਦਾ ਰਾਜ ਨਸ਼ਟ ਹੋ ਗਿਆ। ਵਰਣ- ਸੰਕਰ ਦੀ ਰੀਤ ਚਲ ਪਈ। ਬੇਦੀਆਂ ਕੋਲ ਕੇਵਲ 20 ਪਿੰਡ ਰਹਿ ਗਏ ਜਿਥੇ ਉਹ ਖੇਤੀ ਕਰਦੇ ਸਨ। ਉਨ੍ਹਾਂ ਹੀ ਬੇਦੀਆਂ ਵਿਚ ਬਹੁਤ ਸਮੇਂ ਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਜਿਨ੍ਹਾਂ ਨੇ ਧਰਮ ਦੀ ਸਥਾਪਨਾ ਕੀਤੀ ਅਤੇ ਸਾਧੂ ਰੁਚੀ ਵਾਲੇ ਲੋਕਾਂ ਨੂੰ ਸਹੀ ਮਾਰਗ ਉਤੇ ਪਾਇਆ। ਫਿਰ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਗੁਰੂ ਬਣੇ। ਚੌਥੇ ਅਧਿਆਇ ਵਿਚ ਦਿੱਤੇ ਵਰਦਾਨ ਦੇ ਫਲਣ ਦਾ ਸਮਾਂ ਆ ਗਿਆ। ਤੀਜੇ ਗੁਰੂ ਨੇ ਆਪਣੀ ਗੱਦੀ ਉਤੇ ਸੋਢੀ ਬੰਸ ਦੇ ਗੁਰੂ ਰਾਮਦਾਸ ਜੀ ਨੂੰ ਸਥਾਪਿਤ ਕੀਤਾ। ਫਿਰ ਗੁਰੂ ਅਰਜਨ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਗੁਰੂ ਹਰਿਕ੍ਰਿਸ਼ਨ, ਗੁਰੂ ਤੇਗ ਬਹਾਦਰ ਕ੍ਰਮਵਾਰ ਗੁਰੂ ਪਦਵੀ ਉਤੇ ਸੁਸ਼ੋਭਿਤ ਹੋਏ। ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜੰਜੂ ਦੀ ਰਖਿਆ ਲਈ ਆਪਣਾ ਮਹਾ ਬਲਿਦਾਨ ਦਿੱਤਾ।

ਛੇਵੇਂ ਅਧਿਆਇ ਦੇ 64 ਛੰਦਾਂ ਵਿਚ ਚਰਿਤ- ਨਾਇਕ ਦੀ ਕਥਾ ਦਾ ਵਰਣਨ ਹੈ। ਇਸ ਨੂੰ ‘ਅਪਨੀ ਕਥਾ’ ਕਿਹਾ ਗਿਆ ਹੈ। ਇਸ ਵਿਚ ਚਰਿਤ-ਨਾਇਕ ਨੇ ਆਪਣੇ ਜਨਮ ਧਾਰਣ ਕਰਨ ਦੇ ਉਦੇਸ਼ ਉਤੇ ਝਾਤ ਪਾਈ ਹੈ ਅਤੇ ਪਰਮਾਤਮਾ ਵਲੋਂ ਸੰਸਾਰ ਵਿਚ ਪ੍ਰਗਟ ਹੋ ਕੇ ਕੀਤੇ ਜਾਣ ਵਾਲੇ ਕੰਮਾਂ ਵਲ ਸੰਕੇਤ ਕੀਤਾ ਹੈ (29)।

ਤਿੰਨ ਛੰਦਾਂ ਦੇ ਨਿੱਕੇ ਜਿਹੇ ਸੱਤਵੇਂ ਅਧਿਆਇ ਵਿਚ ਚਰਿਤ-ਨਾਇਕ ਨੇ ਆਪਣੇ ਜੀਵਨ ਦੇ ਕੁਝ ਮੁਢਲਿਆਂ ਵਰ੍ਹਿਆਂ ਉਤੇ ਝਾਤ ਪਾਈ ਕਿ ਉਨ੍ਹਾਂ ਦੇ ਪਿਤਾ ਪੂਰਬ ਦਿਸ਼ਾ ਵਲ ਗਏ, ਭਾਂਤ ਭਾਂਤ ਦੇ ਤੀਰਥ ਵੇਖੇ। ਤ੍ਰਿਵੇਣੀ ਤੋਂ ਪਟਨਾ ਨਗਰ ਪਹੁੰਚੇ। ਉਥੇ ਨਾਇਕ ਦਾ ਜਨਮ ਹੋਇਆ। ਫਿਰ ਮਦ੍ਰ ਦੇਸ਼ (ਪੰਜਾਬ) ਨੂੰ ਵਾਪਸ ਆਏ। ਇਥੇ ਨਾਇਕ ਨੂੰ ਹਰ ਪ੍ਰਕਾਰ ਦੀ ਸਿਖਿਆ ਦਿੱਤੀ ਗਈ। ਜਦੋਂ ਨਾਇਕ ਧਰਮ ਕਰਮ ਦੇ ਯੋਗ ਹੋਇਆ ਤਾਂ ਪਿਤਾ ਦਾ ਦੇਹਾਂਤ ਹੋ ਗਿਆ।

ਅੱਠਵੇਂ ਅਧਿਆਇ ਵਿਚ ਚਰਿਤ-ਨਾਇਕ ਦੇ ਰਾਜ-ਸਾਜ ਦੀ ਗੱਲ ਹੋਈ ਹੈ। 38 ਛੰਦਾਂ ਦੇ ਇਸ ਅਧਿਆਇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ ਰਾਜਿਆਂ ਨਾਲ ਭੰਗਾਣੀ ਵਿਚ ਹੋਏ ਯੁੱਧ ਦਾ ਚਿਤ੍ਰਣ ਹੈ। ਇਥੋਂ ਇਤਿਹਾਸਿਕ ਘਟਨਾਵਾਂ ਦਾ ਵਿਵਰਣ ਸ਼ੁਰੂ ਹੁੰਦਾ ਹੈ।

ਨੌਵੇਂ ਅਧਿਆਇ ਦੇ 24 ਛੰਦਾਂ ਵਿਚ ਰਚੈਤਾ ਨੇ ਚਰਿਤ-ਨਾਇਕ ਦੇ ਦੂਜੇ ਯੁੱਧ ਦਾ ਚਿਤ੍ਰਣ ਕੀਤਾ ਹੈ। ਚਰਿਤ -ਨਾਇਕ ਨੇ ਪਹਾੜੀ ਰਾਜਿਆਂ ਤੋਂ ਕਰ ਵਸੂਲਣ ਲਈ ਮੁਗ਼ਲ ਸ਼ਾਸਨ ਵਲੋਂ ਆਏ ਮੀਆਂ ਖ਼ਾਨ ਅਤੇ ਅਲਫ਼ ਖ਼ਾਨ ਨੂੰ ਨਦੌਣ ਦੇ ਯੁੱਧ ਵਿਚ ਹਰਾਇਆ ਅਤੇ ਪਹਾੜੀ ਰਾਜਿਆਂ ਦੇ ਮਨ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਭਰੀ

ਦਸ ਛੰਦਾਂ ਦੇ ਦਸਵੇਂ ਅਧਿਆਇ ਵਿਚ ਦਸਿਆ ਗਿਆ ਹੈ ਕਿ ਲਾਹੌਰ ਦੇ ਸੂਬੇਦਾਰ ਦਿਲਾਵਰ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕਰਨ ਲਈ ਆਪਣੇ ਪੁੱਤਰ ਨੂੰ ਭੇਜਿਆ। ਗੁਰੂ ਜੀ ਤੋਂ ਉਹ ਹਾਰ ਕੇ ਪਿਛੇ ਭਜਦਾ ਹੈ ਅਤੇ ਹਾਰ ਤੋਂ ਪੈਦਾ ਹੋਈ ਆਪਣੀ ਖਿਝ ਨੂੰ ਮਿਟਾਉਣ ਲਈ ਰਾਹ ਵਿਚ ਪੈਂਦੇ ਪਿੰਡ ਬਰਵਾ ਨੂੰ ਉਜਾੜਦਾ ਹੈ।

ਯਾਰ੍ਹਵੇਂ ਅਧਿਆਇ ਦੇ 69 ਛੰਦਾਂ ਵਿਚ ‘ਹੁਸੈਨੀ ਯੁੱਧ’ ਦਾ ਵਿਵਰਣ ਦਿੱਤਾ ਗਿਆ ਹੈ। ਆਪਣੇ ਪੁੱਤਰ ਦੀ ਹਾਰ ਤੋਂ ਬਾਦ ਦਿਲਾਵਰ ਖ਼ਾਨ ਆਪਣੇ ਇਕ ਹੋਰ ਬਲਵਾਨ ਸੈਨਾ ਨਾਇਕ ਹੁਸੈਨੀ (ਹੁਸੈਨ ਖ਼ਾਨ) ਨੂੰ ਗੁਰੂ ਜੀ ਅਤੇ ਪਹਾੜੀ ਰਾਜਿਆਂ ਨਾਲ ਯੁੱਧ ਕਰਨ ਲਈ ਭੇਜਦਾ ਹੈ। ਭੀਮ ਚੰਦ ਆਦਿ ਅਨੇਕ ਪਹਾੜੀ ਰਾਜੇ ਹੁਸੈਨੀ ਨਾਲ ਮਿਲ ਜਾਂਦੇ ਹਨ, ਪਰ ਗੋਪਾਲ ਆਦਿ ਕੁਝ ਪਹਾੜੀ ਰਾਜੇ ਗੁਰੂ ਜੀ ਦੀ ਅਗਵਾਈ ਵਿਚ ਹੁਸੈਨੀ ਨਾਲ ਚੰਗਾ ਲੋਹਾ ਲੈਂਦੇ ਹਨ। ਅੰਤ ਵਿਚ ਹੁਸੈਨੀ ਮਾਰਿਆ ਜਾਂਦਾ ਹੈ, ਉਸ ਦੀ ਫ਼ੌਜ ਨਸ ਜਾਂਦੀ ਹੈ ਅਤੇ ਪਹਾੜੀ ਰਾਜਿਆਂ ਦੀ ਜਿਤ ਹੁੰਦੀ ਹੈ।

ਬਾਰ੍ਹਵੇਂ ਅਧਿਆਇ ਵਿਚ ਕੁਲ 12 ਛੰਦ ਹਨ। ਇਸ ਵਿਚ ਦਸਿਆ ਗਿਆ ਹੈ ਕਿ ਦਿਲਾਵਰ ਖ਼ਾਨ ਆਪਣੇ ਇਕ ਹੋਰ ਸੈਨਾ-ਨਾਇਕ ਰੁਸਤਮ ਖ਼ਾਨ ਨੂੰ ਗੁਰੂ ਜੀ ਦੇ ਮਿਤਰ ਪਹਾੜੀ ਰਾਜਿਆਂ ਨੂੰ ਹਰਾਉਣ ਲਈ ਭੇਜਦਾ ਹੈ। ਪਰ ਲੜਾਈ ਵਿਚ ਰੁਸਤਮ ਖ਼ਾਨ ਦੀ ਹਾਰ ਹੁੰਦੀ ਹੈ।

ਤੇਰ੍ਹਵੇਂ ਅਧਿਆਇ ਦੇ ਕੁਲ 25 ਛੰਦਾਂ ਵਿਚ ਦਸਿਆ ਗਿਆ ਹੈ ਕਿ ਦਿਲਾਵਰ ਖ਼ਾਨ ਦੀ ਹਾਰ ਨੂੰ ਵੇਖ ਕੇ ਔਰੰਗਜ਼ੇਬ ਨੇ ਆਪਣੇ ਵੱਡੇ ਪੁੱਤਰ ਮੁੱਅਜ਼ਮ ਨੂੰ ਇਕ ਵੱਡਾ ਲਸ਼ਕਰ ਦੇ ਕੇ ਪੰਜਾਬ ਵਲ ਤੋਰਿਆ। ਇਸ ਫ਼ੌਜ-ਕਸ਼ੀ ਤੋਂ ਡਰ ਕੇ ਬਹੁਤ ਸਾਰੇ ਡਰਪੋਕ ਪਹਾੜੀ ਰਾਜੇ ਅਤੇ ਸੈਨਿਕ ਗੁਰੂ ਜੀ ਤੋਂ ਮੁਖ ਮੋੜ ਕੇ ਭਜ ਗਏ, ਪਰ ਅੰਤ ਵਿਚ ਉਹ ਸਭ ਮਾਰੇ ਗਏ। ਬਸ ਇਥੇ ਕੇਵਲ ਸ਼ਹਿਜ਼ਾਦੇ ਦੇ ਆਗਮਨ ਦਾ ਉਲੇਖ ਹੈ।

ਚੌਦਵੇਂ ਅਤੇ ਅੰਤਿਮ ਅਧਿਆਇ ਵਿਚ ਕੇਵਲ 11 ਛੰਦ ਹਨ। ਇਸ ਵਿਚ ਚਰਿਤ-ਨਾਇਕ ਦੇ ਜਨਮ- ਮਨੋਰਥ ਤੋਂ ਇਲਾਵਾ ਗ੍ਰੰਥ ਦੇ ਰਚਨਾ-ਕ੍ਰਮ ਉਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। ਇਥੇ ਪੂਰਬਲੇ ਜਨਮਾਂ ਉਤੇ ਚਾਨਣਾ ਪਾਉਣ ਦਾ ਸੰਕੇਤ ਵੀ ਮਿਲਦਾ ਹੈ।

ਸਮੁੱਚੇ ਤੌਰ’ਤੇ ਇਹ ਰਚਨਾ ਗੁਰੂ ਜੀ ਦੀ 32 ਸਾਲ ਤਕ ਦੀ ਆਯੂ (ਸੰਨ 1699 ਈ. ਵਿਚ ਖ਼ਾਲਸਾ ਸਿਰਜਨਾ ਤੋਂ ਪਹਿਲਾਂ ਤਕ) ਦਾ ਵਿਵਰਣ ਦਿੰਦੀ ਹੈ, ਬਾਕੀ ਦਾ ਨਹੀਂ। ਇਸ ਪੱਖੋਂ ਇਹ ਇਕ ਅਪੂਰਣ ਰਚਨਾ ਹੈ। ਇਸ ਵਿਚ ਕੁਲ 13 ਕਿਸਮਾਂ ਦੇ ਛੰਦ ਵਰਤੇ ਗਏ ਹਨ। ਸਭ ਤੋਂ ਅਧਿਕ ਵਰਤੋਂ ਚੌਪਈ ਦੀ ਹੋਈ ਹੈ।

ਇਸ ਵਿਚ 115 ਵਾਰ ਛੰਦ-ਪਰਿਵਰਤਨ ਹੋਇਆ ਹੈ, ਜੋ ਰਚੈਤਾ ਦੀ ਛੰਦ ਸੰਬੰਧੀ ਵਿਸ਼ਾਲ ਜਾਣਕਾਰੀ ਦਾ ਲਖਾਇਕ ਹੈ। ਇਸ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ ਅਤੇ ਕਿਤੇ ਕਿਤੇ ਅਵਧੀ ਅਤੇ ਰਾਜਸਥਾਨੀ ਦਾ ਪ੍ਰਭਾਵ ਹੈ। ਯੁੱਧ- ਚਿਤ੍ਰਣ ਬੜਾ ਸਜੀਵ ਹੈ। ਅਲੰਕਾਰਿਕ ਛਟਾ ਵੀ ਕਿਤੇ ਕਿਤੇ ਮਿਲਦੀ ਹੈ। ਆਤਮ-ਚਰਿਤ-ਕਥਾ ਦਾ ਇਹ ਸੁੰਦਰ ਨਮੂਨਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.